🔥 ट्रेंडिंग દાહોદની ઝાયડસ હોસ્પિટલમાં દર્દીનું બાર... ओडिशा जांच: क्यों नेवेन पटनायक की विदे... गुजरात में दिवाली पर्यटन में नौ गुना व... गुजरात में चार नए हवाई अड्डे, राज्य के... અડાલજમાં AAP દ્વારા આયોજિત પ્રેમ કાર્ય... ROHL ने गुजरात और आंध्र प्रदेश में दो...
23 नव. 2026•
ગુજરાતી मराठी ਪੰਜਾਬੀ বাংলা

ਬੇਰੁਜ਼ਗਾਰ ਨੌਜਵਾਨਾਂ ਲਈ ਮੁਫ਼ਤ ਸਕਿਉਰਟੀ ਗਾਰਡ ਟ੍ਰੇਨਿੰਗ, ਰਜਿਸਟ੍ਰੇਸ਼ਨ 25 ਨਵੰਬਰ ਤੋਂ

✍️ रिपोर्टर: Jiwan kumar 🗓 23 नव. 2026, 05:53 PM 👁 24
शेयर करें: 💬 WhatsApp 📘 Facebook 𝕏 Post

ਸੀ-ਪਾਈਟ ਕੈਂਪ ਕਾਲਝਰਾਣੀ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਲਈ ਮੁਫ਼ਤ ਸਕਿਉਰਟੀ ਗਾਰਡ ਟ੍ਰੇਨਿੰਗ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਲਈ ਰਜਿਸਟ੍ਰੇਸ਼ਨ 25 ਨਵੰਬਰ ਤੋਂ ਹੋਵੇਗੀ। 21 ਤੋਂ 29 ਸਾਲ ਉਮਰ ਦੇ ਘੱਟੋ-ਘੱਟ 10ਵੀਂ ਜਾਂ 12ਵੀਂ ਪਾਸ ਨੌਜਵਾਨ ਇਸ ਲਈ ਅਪਲਾਈ ਕਰ ਸਕਦੇ ਹਨ। ਸਿਖਲਾਈ, ਰਿਹਾਇਸ਼ ਅਤੇ ਖਾਣ-ਪੀਣ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ ਅਤੇ ਕੋਰਸ ਤੋਂ ਬਾਅਦ ਨੌਕਰੀ ਲਈ ਪਲੇਸਮੈਂਟ ਸਹਾਇਤਾ ਵੀ ਦਿੱਤੀ ਜਾਵੇਗੀ।

ਦਸੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗਾ ਕੋਰਸ; ਸਿਖਲਾਈ, ਰਿਹਾਇਸ਼ ਅਤੇ ਖਾਣ-ਪੀਣ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ

ਬਠਿੰਡਾ, 23 ਨਵੰਬਰ (ਜੀਵਨ ਬਾਂਸਲ): ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਅਧੀਨ ਸੀ-ਪਾਈਟ ਕੈਂਪ, ਪਿੰਡ ਕਾਲਝਰਾਣੀ ਵੱਲੋਂ ਮੁਫ਼ਤ ਸਕਿਉਰਟੀ ਗਾਰਡ ਟ੍ਰੇਨਿੰਗ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ ਰਜਿਸਟ੍ਰੇਸ਼ਨ 25 ਨਵੰਬਰ 2026 ਤੋਂ ਸ਼ੁਰੂ ਹੋਵੇਗੀ, ਜਦਕਿ ਸਿਖਲਾਈ ਕੋਰਸ ਦਸੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੇ ਜਾ ਰਹੇ ਇਸ ਕੋਰਸ ਸਬੰਧੀ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ ਕਾਲਝਰਾਣੀ ਦੇ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਕੋਰਸ ਲਈ ਉਮੀਦਵਾਰ ਦਾ ਘੱਟੋ-ਘੱਟ 10ਵੀਂ ਜਾਂ 12ਵੀਂ ਜਮਾਤ ਪਾਸ ਹੋਣਾ ਅਤੇ ਉਮਰ 21 ਤੋਂ 29 ਸਾਲ ਦੇ ਵਿਚਕਾਰ ਹੋਣੀ ਲਾਜ਼ਮੀ ਹੈ। ਕੋਰਸ ਦੀਆਂ ਸੀਟਾਂ ਸੀਮਤ ਹਨ।
ਉਨ੍ਹਾਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਸਿਖਲਾਈ ਪੂਰੀ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਵੇਗਾ, ਜੋ ਸਰਕਾਰੀ, ਅਰਧ-ਸਰਕਾਰੀ ਸੰਸਥਾਵਾਂ ਅਤੇ ਵੱਡੀਆਂ ਸਨਅਤੀ ਇਕਾਈਆਂ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਮਾਨਤਾ ਰੱਖਦਾ ਹੈ।
ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਕੋਰਸ ਪੂਰਾ ਹੋਣ ਤੋਂ ਬਾਅਦ ਵੱਖ-ਵੱਖ ਸਕਿਉਰਟੀ ਏਜੰਸੀਆਂ ਵੱਲੋਂ ਕੈਂਪ ਵਿਖੇ ਪਲੇਸਮੈਂਟ ਕੈਂਪ ਲਗਾਏ ਜਾਣਗੇ ਅਤੇ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਨੌਕਰੀ ਹਾਸਲ ਕਰਨ ਵਿੱਚ ਸਹਾਇਤਾ ਵੀ ਕੀਤੀ ਜਾਵੇਗੀ। ਇਸ ਕੋਰਸ ਦੌਰਾਨ ਸਿਖਿਆਰਥੀਆਂ ਦੀ ਰਿਹਾਇਸ਼ ਅਤੇ ਖਾਣ-ਪੀਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ 25 ਨਵੰਬਰ ਤੋਂ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਸੀ-ਪਾਈਟ ਕੈਂਪ, ਪਿੰਡ ਕਾਲਝਰਾਣੀ, ਜ਼ਿਲ੍ਹਾ ਬਠਿੰਡਾ ਵਿਖੇ ਨਿੱਜੀ ਤੌਰ ’ਤੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਸਮੇਂ ਉਨ੍ਹਾਂ ਕੋਲ 10ਵੀਂ ਜਾਂ 12ਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਆਧਾਰ ਕਾਰਡ ਦੀ ਫੋਟੋ ਕਾਪੀ, ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਅਤੇ ਹੋਰ ਲੋੜੀਂਦੇ ਦਸਤਾਵੇਜ਼ ਫਾਈਲ ਵਿੱਚ ਹੋਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਕੈਂਪ ਵਿਖੇ ਆਰਮੀ ਟੀ.ਏ. ਦੇ ਫਿਜ਼ੀਕਲ ਟੈਸਟ ਅਤੇ ਐੱਸ.ਐੱਸ.ਸੀ. (ਜੀ.ਡੀ.) ਦੀ ਲਿਖਤੀ ਪ੍ਰੀਖਿਆ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਜਿਨ੍ਹਾਂ ਨੌਜਵਾਨਾਂ ਨੇ ਐੱਸ.ਐੱਸ.ਸੀ. ਲਈ ਅਪਲਾਈ ਕੀਤਾ ਹੋਇਆ ਹੈ, ਉਹ ਵੀ ਕੈਂਪ ਵਿਖੇ ਪਹੁੰਚ ਕੇ ਤਿਆਰੀ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੌਜਵਾਨ ਮੋਬਾਈਲ ਨੰਬਰ 73408-51943, 94638-31615 ਅਤੇ 94641-52013 ’ਤੇ ਸੰਪਰਕ ਕਰ ਸਕਦੇ ਹਨ।
📲Get App