🔥 TRENDING பள்ளி காலாண்டு விடுமுறை: ஏற்காட்டில் க... Louisiana Court Rules in Favor of Jone... Heavy Rain in Uttar Pradesh Claims 56... Thar SUV crashes into motorcycle on Dw... Virat Kohli's Six-Fueled Century Sets... Health Ministry advises lowest effecti...
28 Sep 2026•
ગુજરાતી मराठी ਪੰਜਾਬੀ বাংলা
Agriculture

ਮੱਛੀ ਪਾਲਣ ਨੇ ਬਦਲੀ ਨੰਦੇ ਸਾਹਨੀ ਦੀ ਜ਼ਿੰਦਗੀ: ਮਜ਼ਦੂਰ ਤੋਂ ਸਾਲਾਨਾ 10-12 ਲੱਖ ਕਮਾਉਣ ਵਾਲੇ ਸਫ਼ਲ ਕਾਰੋਬਾਰੀ ਬਣੇ

✍️ Reporter: Sandeep Kumar Joshi 🗓 24 Sep 2026, 07:04 PM 👁 35
Share: 💬 WhatsApp 📘 Facebook 𝕏 Post

ਰੂਪਨਗਰ ਜ਼ਿਲ੍ਹੇ ਦੇ ਪਿੰਡ ਕਕਰਾਲਾ ਦੇ ਨੰਦੇ ਸਾਹਨੀ ਨੇ ਮੱਛੀ ਮਜ਼ਦੂਰ ਤੋਂ ਸ਼ੁਰੂ ਕਰਕੇ ਅੱਜ 15 ਏਕੜ ਵਿੱਚ ਮੱਛੀ ਪਾਲਣ ਅਤੇ ਏਕੀਕ੍ਰਿਤ ਖੇਤੀ ਰਾਹੀਂ ਸਾਲਾਨਾ 10 ਤੋਂ 12 ਲੱਖ ਰੁਪਏ ਦਾ ਮੁਨਾਫ਼ਾ ਕਮਾਉਣ ਦੇ ਨਾਲ-ਨਾਲ 12 ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਹੈ।

ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਉੱਦਮੀ ਸੋਚ ਨਾਲ ਇਨਸਾਨ ਆਪਣੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦਾ ਹੈ। ਇਸ ਦੀ ਪ੍ਰੇਰਣਾਦਾਇਕ ਮਿਸਾਲ ਰੂਪਨਗਰ ਜ਼ਿਲ੍ਹੇ ਦੇ ਪਿੰਡ ਕਕਰਾਲਾ ਦੇ ਮੱਛੀ ਪਾਲਕ ਸ੍ਰੀ ਨੰਦੇ ਸਾਹਨੀ ਹਨ, ਜਿਨ੍ਹਾਂ ਨੇ ਮੱਛੀ ਮਜ਼ਦੂਰ ਵਜੋਂ ਆਪਣਾ ਸਫ਼ਰ ਸ਼ੁਰੂ ਕਰਕੇ ਅੱਜ ਮੱਛੀ ਪਾਲਣ ਨੂੰ ਸਫ਼ਲ ਕਾਰੋਬਾਰ ਵਿੱਚ ਤਬਦੀਲ ਕੀਤਾ ਹੈ। ਉਨ੍ਹਾਂ ਦੀ ਸਫ਼ਲਤਾ ਦੀ ਕਹਾਣੀ ਨਾ ਸਿਰਫ਼ ਸਵੈ-ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦੀ ਹੈ, ਸਗੋਂ ਹੋਰਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਸ੍ਰੀ ਨੰਦੇ ਸਾਹਨੀ ਬਿਹਤਰ ਰੋਜ਼ਗਾਰ ਅਤੇ ਜੀਵਨ-ਜਾਚ ਦੇ ਮੌਕਿਆਂ ਦੀ ਭਾਲ ਵਿੱਚ 20 ਸਾਲ ਦੀ ਉਮਰ ਵਿੱਚ ਪੰਜਾਬ ਆਏ ਸਨ। ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ਮੱਛੀ ਮਜ਼ਦੂਰ ਵਜੋਂ ਕੰਮ ਕੀਤਾ ਅਤੇ ਇਸ ਖੇਤਰ ਨਾਲ ਜੁੜਿਆ ਵਿਹਾਰਕ ਤਜਰਬਾ ਹਾਸਲ ਕੀਤਾ। ਇਸ ਤਜਰਬੇ ਨੂੰ ਆਪਣੀ ਤਾਕਤ ਬਣਾਉਂਦਿਆਂ ਉਨ੍ਹਾਂ ਨੇ ਸਾਲ 2005 ਵਿੱਚ ਖ਼ੁਦ ਦਾ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕੀਤਾ। ਅੱਜ ਉਹ ਲਗਭਗ 15 ਏਕੜ ਰਕਬੇ ਵਿੱਚ ਮੱਛੀ ਪਾਲਣ ਕਰ ਰਹੇ ਹਨ ਅਤੇ ਉਨ੍ਹਾਂ ਨੇ ਮੁਰਗੀ ਪਾਲਣ, ਬੱਕਰੀ ਪਾਲਣ ਅਤੇ ਮਖਾਣੇ ਦੀ ਕਾਸ਼ਤ ਨੂੰ ਜੋੜ ਕੇ ਏਕੀਕ੍ਰਿਤ ਖੇਤੀ ਮਾਡਲ ਅਪਣਾਇਆ ਹੈ, ਜਿਸ ਨਾਲ ਆਮਦਨ ਦੇ ਕਈ ਸਰੋਤ ਵਿਕਸਤ ਹੋਏ ਹਨ।

ਸ੍ਰੀ ਨੰਦੇ ਸਾਹਨੀ ਆਪਣੀ ਪੈਦਾਵਾਰ ਨੂੰ ਬਾਜ਼ਾਰ ਤੱਕ ਪਹੁੰਚਾਉਣ ਲਈ ਚਾਰ ਮੱਛੀ ਦੀਆਂ ਦੁਕਾਨਾਂ ਚਲਾ ਰਹੇ ਹਨ ਅਤੇ ਬਾਕੀ ਮੱਛੀ ਦੀ ਪੈਦਾਵਾਰ ਲੁਧਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਵੇਚਦੇ ਹਨ। ਉਨ੍ਹਾਂ ਨੂੰ ਮੱਛੀ ਪਾਲਣ ਵਿਭਾਗ ਵੱਲੋਂ ਮੋਟਰਸਾਈਕਲ ਸਮੇਤ ਆਈਸ ਬਾਕਸ ਦੀ ਖਰੀਦ ਲਈ 30,000 ਰੁਪਏ ਦੀ ਵਿੱਤੀ ਸਹਾਇਤਾ ਵੀ ਮਿਲੀ ਹੈ। ਇਸ ਵਿਵਸਥਾ ਨਾਲ ਉਨ੍ਹਾਂ ਨੇ ਆਪਣੇ ਉਤਪਾਦ ਲਈ ਸਥਾਨਕ ਪੱਧਰ ਤੋਂ ਬਾਹਰ ਵੀ ਮਾਰਕੀਟ ਤਿਆਰ ਕੀਤੀ ਹੈ।

ਏਕੀਕ੍ਰਿਤ ਖੇਤੀ ਅਤੇ ਮੱਛੀ ਦੀ ਮਾਰਕੀਟਿੰਗ ਰਾਹੀਂ ਸ੍ਰੀ ਸਾਹਨੀ ਲਗਭਗ 10 ਤੋਂ 12 ਲੱਖ ਰੁਪਏ ਦਾ ਸਾਲਾਨਾ ਮੁਨਾਫ਼ਾ ਕਮਾ ਰਹੇ ਹਨ ਅਤੇ 12 ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉੱਦਮੀ ਸੋਚ ਸਦਕਾ ਦੋ ਮੰਜ਼ਿਲਾ ਕੋਠੀ, ਲਗਜ਼ਰੀ ਕਾਰ, ਬੋਲੇਰੋ ਪਿਕਅੱਪ ਅਤੇ ਮਹਿੰਦਰਾ ਮਿੰਨੀ ਟਰੱਕ ਸਮੇਤ ਕਈ ਸਾਧਨ ਹਾਸਲ ਕੀਤੇ ਹਨ। ਇਹ ਯਾਤਰਾ ਦਰਸਾਉਂਦੀ ਹੈ ਕਿ ਮੱਛੀ ਪਾਲਣ ਨੂੰ ਸਵੈ-ਰੋਜ਼ਗਾਰ, ਆਮਦਨ ਅਤੇ ਰੋਜ਼ਗਾਰ ਸਿਰਜਣ ਦੇ ਇੱਕ ਪ੍ਰਭਾਵਸ਼ਾਲੀ ਸਾਧਨ ਵਜੋਂ ਅਪਣਾਇਆ ਜਾ ਸਕਦਾ ਹੈ।
📲Get App