🔥 TRENDING ભરૂચ બી ડિવિઝન પોલીસે એમડી ડ્રગ્સના જથ... Bidar ciry news અમરેલી જિલ્લામાં ફરી મેઘરાજાનું આગમન અમરેલી: સાવરકુંડલા રોડ રેલ્વે ફાટક 12... वारिसलीगंज में जाम से निजात: सुबह 8 से... अजमेर: श्रीनगर रोड पर आइसक्रीम विक्रेत...
30 Sep 2026•
ગુજરાતી मराठी ਪੰਜਾਬੀ বাংলা

1 ਅਕਤੂਬਰ ਤੋਂ ਝੋਨੇ ਦੀ ਖਰੀਦ ਲਈ ਬਠਿੰਡਾ ’ਚ ਮੁਕੰਮਲ ਪ੍ਰਬੰਧ 14.74 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦੀ ਉਮੀਦ; ਦੂਜੇ ਰਾਜਾਂ ਤੋਂ ਆਮਦ ਰੋਕਣ ਲਈ 7 ਪੁਲਿਸ ਨਾਕੇ

✍️ Reporter: Jiwan kumar 🗓 30 Sep 2026, 05:27 PM 👁 12
Watch on: ▶️ YouTube
Share: 💬 WhatsApp 📘 Facebook 𝕏 Post

1 ਅਕਤੂਬਰ ਤੋਂ ਝੋਨੇ ਦੀ ਖਰੀਦ ਲਈ ਬਠਿੰਡਾ ਵਿੱਚ ਪ੍ਰਬੰਧ ਮੁਕੰਮਲ; 14.74 ਲੱਖ ਮੀਟ੍ਰਿਕ ਟਨ ਆਮਦ ਦੀ ਉਮੀਦ, ਦੂਜੇ ਰਾਜਾਂ ਤੋਂ ਝੋਨੇ ਦੀ ਆਮਦ ਰੋਕਣ ਲਈ 7 ਨਾਕੇ।

ਬਠਿੰਡਾ, 30 ਸਤੰਬਰ:( ਜੀਵਨ ਬਾਂਸਲ) 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਅੱਜ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਆੜ੍ਹਤੀਆਂ, ਸ਼ੈਲਰ ਮਾਲਕਾਂ, ਕੰਬਾਈਨ ਹਾਰਵੈਸਟਰ ਆਪਰੇਟਰਾਂ ਅਤੇ ਖੇਤੀਬਾੜੀ, ਖੁਰਾਕ ਤੇ ਸਿਵਲ ਸਪਲਾਈ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਖਰੀਦ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਬਠਿੰਡਾ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ 14.74 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦੀ ਉਮੀਦ ਹੈ।

ਡੀ.ਸੀ. ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਚੰਗੀ ਤਰ੍ਹਾਂ ਸੁਕਾਇਆ ਹੋਇਆ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੁੱਕਾ ਝੋਨਾ ਲਿਆਉਣ ਨਾਲ ਫ਼ਸਲ ਦੀ ਸਮੇਂ ਸਿਰ ਖਰੀਦ ਹੋਣ ਵਿੱਚ ਸਹੂਲਤ ਰਹੇਗੀ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਬੇਲੋੜੀ ਉਡੀਕ ਨਹੀਂ ਕਰਨੀ ਪਵੇਗੀ।

ਉਨ੍ਹਾਂ ਕੰਬਾਈਨ ਹਾਰਵੈਸਟਰ ਆਪਰੇਟਰਾਂ ਨੂੰ ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਰਨ ਦੀ ਹਦਾਇਤ ਕੀਤੀ। ਇਸ ਸਮੇਂ ਤੋਂ ਬਾਅਦ ਝੋਨੇ ਦੀ ਕਟਾਈ ’ਤੇ ਰੋਕ ਰਹੇਗੀ, ਕਿਉਂਕਿ ਦੇਰ ਨਾਲ ਕਟਾਈ ਕਰਨ ’ਤੇ ਦਾਣਿਆਂ ਵਿੱਚ ਨਮੀ ਵਧਣ ਦੀ ਸੰਭਾਵਨਾ ਰਹਿੰਦੀ ਹੈ।

ਇਸ ਦੇ ਨਾਲ ਹੀ ਦੂਜੇ ਰਾਜਾਂ ਤੋਂ ਝੋਨਾ ਲਿਆ ਕੇ ਬਠਿੰਡਾ ਜ਼ਿਲ੍ਹੇ ਵਿੱਚ ਵੇਚਣ ’ਤੇ ਰੋਕ ਨੂੰ ਲਾਗੂ ਕਰਨ ਲਈ ਪੁਲਿਸ ਵੱਲੋਂ 7 ਥਾਵਾਂ ’ਤੇ ਨਾਕੇ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਨਾਕਿਆਂ ਰਾਹੀਂ ਝੋਨਾ ਜਾਂ ਪਰਾਲੀ ਲੈ ਕੇ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਵਾਲੀਆਂ ਗੱਡੀਆਂ ਦੀ ਨਿਗਰਾਨੀ ਕੀਤੀ ਜਾਵੇਗੀ।

ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ ਨੇ ਪੀਣ ਵਾਲੇ ਪਾਣੀ, ਪਖਾਨਿਆਂ, ਬਿਜਲੀ ਅਤੇ ਸਫ਼ਾਈ ਦੇ ਢੁੱਕਵੇਂ ਪ੍ਰਬੰਧ ਯਕੀਨੀ ਬਣਾਉਣ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਖਰੀਦ ਨਾਲ ਸਬੰਧਤ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਝੋਨੇ ਦੀ ਨਿਰਵਿਘਨ ਖਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦਣ ਨੂੰ ਯਕੀਨੀ ਬਣਾਇਆ ਜਾਵੇਗਾ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਗੁਰਤਾਰ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਹਰਸ਼ਿਤ ਮਹਿਤਾ, ਜ਼ਿਲ੍ਹਾ ਮੰਡੀ ਅਫ਼ਸਰ ਜਸਵਿੰਦਰ ਸਿੰਘ, ਐੱਸ.ਪੀ. ਕੁਲਦੀਪ ਸਿੰਘ ਬਰਾੜ, ਆੜ੍ਹਤੀਆ ਐਸੋਸੀਏਸ਼ਨ ਅਤੇ ਸ਼ੈਲਰ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਕੰਬਾਈਨ ਹਾਰਵੈਸਟਰ ਆਪਰੇਟਰ ਹਾਜ਼ਰ ਸਨ।
📲Get App